By Tricitynews Reporter
Chandigarh
12th August:- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਦਰ੍ਹਾਂ ਤੇ ਨਾਗਰਿਕ ਸੇਵਾਵਾ ਪ੍ਰਦਾਨ ਕਰਨ ਲਈ ਦਿਹਾਤੀ ਅਤੇ ਸ਼ਹਿਰੀ ਖੇਤਰ 'ਚ ਖੇਲ੍ਹੋ ਜਾਣ ਵਾਲੇ ਸੇਵਾ ਕੇਂਦਰਾਂ ਰਾਹੀਂ ਆਮ ਲੋਕ ਹੁਣ ਆਪਣੇ ਦਰ੍ਹਾਂ ਤੇ ਹੀ ਨਾਗਰਿਕ ਸੇਵਾਵਾ ਹਾਸਿਲ ਕਰ ਸਕਣਗੇ । ਪਹਿਲੇ ਪੜ੍ਹਾਅ ਦੌਰਾਨ ਰਾਜ ਦੇ ਸ਼ਹਿਰੀ ਖੇਤਰ 'ਚ 322 ਸੇਵਾ ਕੇਂਦਰ ਖੋਲ੍ਹੇ ਗਏ ਹਨ ਅਤੇ ਦੂਜੇ ਪੜ੍ਹਾਅ ਦੌਰਾਨ ਦਿਹਾਤੀ ਖੇਤਰਾਂ 'ਚ ਬਣਾਏ ਸੇਵਾ ਕੇਂਦਰਾ ਨੂੰ ਵੀ ਜਲਦੀ ਹੀ ਲੋਕ ਅਰਪਿਤ ਕਰ ਦਿੱਤਾ ਜਾਵੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਦਯੋਗ ਤੇ ਵਣਜ ਮੰਤਰੀ ਪੰਜਾਬ ਮਦਨ ਮੋਹਨ ਮਿੱਤਲ ਨੇ ਫੇਜ਼-5 ਵਿਖੇ ਬਣੇ ਸੇਵਾ ਕੇਂਦਰ ਦਾ ਉਦਘਾਟਨ ਕਰਨ ਉਪਰੰਤ ਕਰਵਾਏ ਗਏ ਸਮਾਗਮ ਨੂੰ ਸਬੋਧਨ ਕਰਦਿਆਂ ਕੀਤਾ । ਉਨ੍ਹਾਂ ਅੱਜ ਫੇਜ਼-3 ਬੀ -1 (ਡਿਸਪੈਂਸਰੀ ਨੇੜੇ) ਅਤੇ ਫੇਜ਼-11 ਵਿਖੇ ਵੀ ਬਣਾਏ ਗਏ ਸੇਵਾ ਕੇਂਦਰਾਂ ਨੂੰ ਅਰਪਿਤ ਕੀਤਾ ।
ਮਦਨ ਮੋਹਨ ਮਿੱਤਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਨ੍ਹਾਂ ਸੇਵਾ ਕੇਂਦਰਾ ਰਾਹੀਂ ਪਹਿਲੇ ਪੜ੍ਹਾਅ 'ਚ ਸਰਕਾਰੀ ਵਿਭਾਗਾਂ ਨਾਲ ਸਬੰਧਤ 62 ਨਾਗਰਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆ ਅਤੇ ਇਸ ਤੋਂ ਉਪਰੰਤ ਇਨ੍ਹਾਂ ਸੇਵਾਵਾ ਦਾ ਘੇਰਾ ਵਿਸ਼ਾਲ ਕਰਕੇ 351 ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਜਿੱਥੇ ਸੂਬੇ ਨੂੰ ਬੁਨਿਆਦੀ ਢਾਂਚੇ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਇਆ ਹੈ ਉੱਥੇ ਰਾਜ ਦੇ ਹਰ ਵਰਗ ਲਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ । ਉਨ੍ਹਾਂ ਇਸ ਮੌਕੇ ਦੱਸਿਆ ਕਿ ਸੂਬਾ ਸਰਕਾਰ ਨੇ ਦੇਸ਼ ਵਿੱਚ ਸੱਭ ਤੋਂ ਪਹਿਲਾਂ ਆਟਾ- ਦਾਲ ਸਕੀਮ ਸ਼ੁਰੂ ਕੀਤੀ ਉੱਥੇ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ । ਉਨ੍ਹਾਂ ਇਸ ਮੌਕੇ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦੇ ਨਾਲ ਨਾਲ ਸੇਵਾ ਕੇਂਦਰਾ ਤੋਂ ਮਿਲਣ ਵਾਲੀਆਂ ਨਾਗਰਿਕ ਸੇਵਾਵਾਂ ਦਾ ਵੀ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ।
ਇਸ ਤੋਂ ਪਹਿਲਾ ਪੱਤਰਕਾਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀਆਂ ਪੰਜਾਬ 'ਚ ਗਤੀਵਿਧੀਆਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ । ਲੋਕ ਬੁਨਿਆਦੀ ਸਹੂਲਤਾਂ ਤੋਂ ਤਰਸ ਰਹੇ ਹਨ । ਉਨ੍ਹਾਂ ਕਿਹਾ ਕਿ ਕੇਜਰੀਵਾਲ ਇਕ ਹੈਂਕੜਬਾਜ ਵਿਅਕਤੀ ਹੈ ਅਤੇ ਉਹ ਨਿਮਰਤਾ ਤੋਂ ਕੋਹਾਂ ਦੂਰ ਹੈ , ਨਾ ਤਾਂ ਉਸ ਨੂੰ ਪੰਜਾਬ ਦੀ ਰਾਜਨੀਤੀ ਦੀ ਸਮਝ ਹੈ ਅਤੇ ਨਾ ਹੀ ਪੰਜਾਬ ਦੇ ਸੱਭਿਆਚਾਰ ਦੀ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿਚ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਊਣਗੇ ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡੀ.ਐਸ. ਮਾਂਗਟ ਨੇ ਦੱਸਿਆ ਕਿ ਸੇਵਾ ਕੇਂਦਰ ਖੋਲ੍ਹਣੇ ਪੰਜਾਬ ਸਰਕਾਰ ਦਾ ਲੋਕ ਹਿੱਤ ਵਿਚ ਲਿਆ ਗਿਆ ਇਤਿਹਾਸਿਕ ਫੈਸਲਾ ਹੈ । ਇਨ੍ਹਾਂ ਸੇਵਾ ਕੇਂਦਰਾ ਦਾ ਲੋਕਾਂ ਨੂੰ ਹੇਠਲੇ ਪੱਧਰ ਤੱਕ ਫਾਇਦਾ ਹੋਵੇਗਾ । ਉਨ੍ਹਾਂ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ 'ਚ ਸ਼ਹਿਰੀ ਖੇਤਰਾਂ ਲਈ 31ਸੇਵਾ ਕੇਂਦਰ ਬਣਾਏ ਗਏ ਹਨ ਜਿਨ੍ਹਾਂ ਵਿਚੋਂ ਤਹਿਸੀਲ ਡੇਰਾਬਸੀ 'ਚ 16, ਮੁਹਾਲੀ 'ਚ 05 ਅਤੇ ਖਰੜ 'ਚ 10 ਸੇਵਾ ਕੇਂਦਰ ਬਣਾਏ ਗਏ ਹਨ । ਉਨ੍ਹਾਂ ਦੱਸਿਆ ਕਿ ਦਿਹਾਤੀ ਖੇਤਰ ਲਈ ਬਣਾਏ ਗਏ 45 ਸੇਵਾ ਕੇਂਦਰ ਜਲਦੀ ਹੀ ਲੋਕ ਅਰਪਿਤ ਕੀਤੇ ਜਾਣਗੇ । ਸਮਾਗਮ ਨੂੰ ਕੌਂਸਲਰ ਅਤੇ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ ਬੀਬੀ ਕੁਲਦੀਪ ਕੌਰ ਕੰਗ , ਕੌਂਸਲਰ ਅਰੁਣ ਸ਼ਰਮਾ ਅਤੇ ਬੀ.ਐਲ.ਐਸ ਦੇ ਸੀ.ਈ .ਓ ਨਿਖਿਲ ਗੁਪਤਾ ਨੇ ਵੀ ਸਬੋਧਨ ਕੀਤਾ ।
No comments:
Post a Comment