By Tricitynews Reporter
Chandigarh
24th March:- ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ 'ਚ 2 ਅਪ੍ਰੈਲ ਤੋਂ 4 ਅਪ੍ਰੈਲ ਤੱਕ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਤਹਿਤ ਜਿਲ੍ਹੇ ਦੇ ਤਕਰੀਬਨ 0 ਤੋਂ 5 ਸਾਲ ਦੇ 1 ਲੱਖ 45 ਹਜਾਰ 441 ਬੱਚਿਆਂ ਨੂੰ ਪੋਲੀਓ ਰੋਕੂ ਬੁੰਦਾਂ ਪਿਲਾਈਆ ਜਾਣਗੀਆਂ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਬੱਚਾ ਇਸ ਨਾ ਮੁਰਾਦ ਬਿਮਾਰੀ ਦੀ ਲਪੇਟ ਵਿੱਚ ਨਾ ਆਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪਲਸ ਪੋਲੀਓ ਮੁਹਿੰਮ ਦੀ ਸਫਲਤਾ ਲਈ ਸੱਦੀ ਗਈ ਜਿਲ੍ਹਾ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ, ਸੰਯੁਕਤ ਕਮਿਸ਼ਨਰ ਨਗਰ ਨਿਗਮ ਅਵਨੀਤ ਕੌਰ, ਸਿਵਲ ਸਰਜਨ ਡਾ: ਜੈ ਸਿੰਘ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਪਲਸ ਪੋਲੀਓ ਮੁਹਿੰਮ ਤਹਿਤ ਕੋਈ ਵੀ ਬੱਚਾ ਪੋਲੀਓ ਰੋਕੂ ਬੁੰਦਾਂ ਪਿਲਾਉਣ ਤੌਂ ਵਾਝਾਂ ਨਾ ਰਹੇ ਅਤੇ ਪੋਲੀਓ ਰੋਕੂ ਬੁੰਦਾਂ ਪਿਲਾਉਣ ਦਾ 100 ਫੀਸਦੀ ਟੀਚਾ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਲ੍ਹੇ 'ਚ ਖਾਸ ਕਰਕੇ ਸਲਮ ਏਰੀਆ, ਭੱਠੇ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਨੂੰ ਵੀ ਕਵਰ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਲਸ ਪੋਲੀਓ ਮੁਹਿੰਮ ਦੀ ਸਫਲਤਾ ਲਈ ਪੰਚਾਇਤਾਂ, ਸਮਾਜ ਸੇਵੀ, ਸੰਸਥਾਵਾਂ ਅਤੇ ਯੂਥ ਕਲੱਬਾਂ ਤੋਂ ਵੀ ਸਹਿਯੋਗ ਲਿਆ ਜਾਵੇ। ਉਨ੍ਹਾਂ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਵੀ ਆਖਿਆ ਕਿ ਸਕੂਲਾਂ ਵਿੱਚ ਵੀ ਪੜ੍ਹਦੇ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੁੰਦਾਂ ਪਿਲਾਈਆਂ ਜਾਣ। ਜਿਸ ਵਿੱਚ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਇਵੇਟ ਸਕੂਲਾਂ ਨੁ ਵੀ ਸ਼ਾਮਲ ਕੀਤਾ ਜਾਵੇ। ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਸਬ-ਡਵੀਜਨ ਪੱਧਰ ਤੇ ਸਮੂਹ ਸੀਨੀਅਰ ਮੈਡੀਕਲ ਅਫਸਰ ਇਸ ਮੁਹਿੰਮ ਲਈ ਨੋਡਲ ਅਫਸਰ ਹੋਣਗੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਨਾਲ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਆਉਂਦੀਆਂ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਜਿਸ ਵਿੱਚ ਅਕਸਰ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਲੋਕਾਂ ਨੂੰ ਇਸ ਸਬੰਧੀ ਹੇਠਲੇ ਪੱਧਰ ਤੱਕ ਜਗਰੂਕ ਕੀਤਾ ਜਾਵੇ ਅਤੇ ਆਪਣੇ ਘਰਾਂ ਦੇ ਨਾਲ ਨਾਲ ਆਲੇ ਦੁਆਲੇ ਦੀ ਸਫਾਈ ਅਤੇ ਕੂਲਰਾਂ ਆਦਿ ਦਾ ਪਾਣੀ ਬਦਲਣ ਸਬੰਧੀ ਵੀ ਜਾਗਰੂਕ ਕੀਤਾ ਜਾਵੇ ਕਿਉਂਕਿ ਡੇਂਗੂ ਫੈਲਾਉਣ ਵਾਲਾ ਮੱਛਰ ਅਕਸਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਪੂਰੀਆਂ ਬਾਹਾਂ ਵਾਲੀਆਂ ਕਮੀਜਾਂ ਪਹਿਨਣ ਬਾਰੇ ਵੀ ਜਾਗਰੂਕ ਕੀਤਾ ਜਾਵੇ ਤਾਂ ਜੋ ਦਿਨ ਵੇਲੇ ਉਨ੍ਹਾਂ ਨੂੰ ਮੱਛਰ ਆਦਿ ਨਾ ਕੱਟ ਸਕੇ ਅਤੇ ਉਨ੍ਹਾਂ ਦਾ ਮਲੇਰੀਏ ਡੇਂਗੂ ਤੇ ਚਿਕਨਗੁਨੀਆ ਤੋਂ ਬਚਾਅ ਹੋ ਸਕੇ।
ਇਸ ਮੌਕੇ ਸਿਵਲ ਸਰਜਨ ਡਾ: ਜੈ ਸਿੰਘ ਨੇ ਦੱਸਿਆ ਕਿ ਤਿੰਨ ਰੋਜਾ ਪਲਸ ਪੋਲੀਓ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੁੰਦਾਂ ਪਿਲਾਈਆਂ ਜਾਣਗੀਆਂ । ਜਿਸ ਲਈ 1169 ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ 1034 ਟੀਮਾਂ ਘਰ ਘਰ ਜਾ ਕੇ ਅਤੇ 92 ਮੁਬਾਇਲ ਟੀਂਮਾਂ ਅਤੇ 43 ਟਰਾਂਜਿਟ ਟੀਮਾਂ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਕੰਮ ਕਰਨਗੀਆਂ। ਉਨ੍ਹਾਂ ਦੱਸਿਆ ਕਿ 2 ਅਪ੍ਰੈਲ ਨੂੰ 517 ਰੈਗੂਲਰ ਬੂਥਾਂ ਤੇ ਅਤੇ 17 ਟਰਾਂਜਿਟ ਬੂਥ ਸਥਾਪਿਤ ਕੀਤੇ ਜਾਣਗੇ ਅਤੇ ਇਸ ਮੁਹਿੰਮ ਦੌਰਾਨ ਘਰ ਘਰ ਜਾ ਕੇ ਵੀ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।
No comments:
Post a Comment