By Tricitynews Reporter
SAS Nagar 04th July:- ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆਂ ਜਾਂਦਾ ਹੈ ਅਤੇ ਲੋਕਤੰਤਰ ਦੀ ਮਜਬੂਤੀ ਲਈ ਮੀਡੀਏ ਦੀ ਅਹਿਮ ਭੂਮਿਕਾ ਹੁੰਦੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਪਾਲ ਪੰਜਾਬ ਵੀ.ਪੀ. ਸਿੰਘ ਬਦਨੌਰ ਨੇ ਇੰਡੀਅਨ ਸਕੂਲ ਆਫ ਬਿਜਨੈਸ-ਕੈਂਪਸ ਦੇ ਆਡੀਟੋਰੀਅਮ ਵਿਖੇ ਪ੍ਰੈਸ ਕਲੱਬ ਐਸ.ਏ.ਐਸ. ਨਗਰ ਵੱਲੋਂ ਪ੍ਰੈਸ, ਪੁਲਿਸ ਅਤੇ ਪੋਲੀਟੀਸ਼ਨਜ ਦੀ ਸਮਾਜ ਵਿੱਚ ਅਮਨ, ਸਾਂਤੀ ਅਤੇ ਭਾਈਚਾਰਕ ਸਾਂਝ, ਨੈਤਿਕ ਕਦਰਾਂ ਕੀਮਤਾਂ ਲਈ ਭੂਮਿਕਾ ਦੇ ਵਿਸ਼ੇ ਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।
ਰਾਜਪਾਲ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਪੱਤਰਕਾਰੀ ਖੇਤਰ ਵਿਚ ਬਹੁਤ ਸਾਰੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪੱਤਰਕਾਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਵੀ ਕੰਮ ਕਰਦੇ ਹਨ ਅਤੇ ਕਈ ਪੱਤਰਕਾਰਾਂ ਨੂੰ ਆਪਣੀਆਂ ਜਾਨਾਂ ਵੀ ਕੁਰਬਾਨ ਕਰਨੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜਾਦੀ ਦੀ ਖਾਤਰ ਅਤੇ ਆਜਾਦੀ ਤੋਂ ਬਾਅਦ ਵੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਪ੍ਰੈਸ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਮੀਡੀਏ ਨੂੰ ਪੀਲੀ ਪੱਤਰਕਾਰੀ ਤੋਂ ਉੱਪਰ ਉੱਠ ਕੇ ਕੰਮ ਕਰਨਾਂ ਚਾਹੀਦਾ ਹੈ ਕਿਉਂਕਿ ਮੀਡੀਏ ਵਿਚ ਜਨਤਾ ਦਾ ਵਿਸ਼ਵਾਸ ਹੁੰਦਾ ਹੈ ਅਤੇ ਮੀਡੀਏ ਨੂੰ ਜਨਤਾ ਦੇ ਵਿਸ਼ਵਾਸ ਨੂੰ ਜਿੱਤਣ ਲਈ ਲੋਕਾਂ ਦੇ ਹਿੱਤਾਂ ਤੇ ਪਹਿਰਾ ਦੇਣ ਦੀ ਲੋੜ ਹੈ ਅਤੇ ਲੋਕਾਂ ਸਾਹਮਣੇ ਸਚਾਈ ਪੇਸ਼ ਕਰਨ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਪੇਡ ਨਿਊਜ ਤੇ ਬੋਲਦਿਆਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਚਿੰਤਾਂ ਦਾ ਵਿਸ਼ਾ ਹੈ ਅਤੇ ਪੇਡ ਨਿਊਜ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤੀ ਜਾਂਦੀ ਹੈ ਜਿਸ ਨਾਲ ਸਮਾਜ ਦੇ ਲੋਕਾਂ ਤੇ ਬੁਰਾ ਅਸਰ ਪੈਂਦਾ ਹੈ ਅਤੇ ਪੇਡ ਨਿਊਜ ਸਚਾਈ ਤੋਂ ਕੋਹਾਂ ਦੂਰ ਹੁੰਦੀ ਹੈ। ਮੀਡੀਏ ਨੂੰ ਪੇਡ ਨਿਊਜ ਤੋਂ ਗੁਰੇਜ ਕਰਨ ਦੀ ਸਖਤ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਰਾਸ਼ਟਰ ਦੇ ਹਿੱਤਾਂ ਤੇ ਪਹਿਰਾ ਦੇਣਾ ਚਾਹੀਦਾ ਹੈ ਤੇ ਹਰੇਕ ਨਾਗਰਿਕ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਅਜਿਹੇ ਸੈਮੀਨਾਰ ਕਰਾਉਣ ਦੀ ਲੋੜ ਤੇ ਜੋਰ ਦਿੱਤਾ। ਇਸ ਮੌਕੇ ਰਾਜਪਾਲ ਪੰਜਾਬ ਨੂੰ ਕਲੱਬ ਦੇ ਅਹੁਦੇਦਾਰਾਂ ਵੱਲੋਂ ਸ੍ਰੀ ਸਾਹਿਬ ਅਤੇ ਸ਼ਾਲ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨ੍ਹਾਂ ਕਲੱਬ ਦਾ ਸਟਿਕਰ ਵੀ ਜਾਰੀ ਕੀਤਾ।
ਇਸ ਤੋਂ ਪਹਿਲਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਪ੍ਰੈਸ ਕਲੱਬ ਐਸ.ਏ.ਐਸ. ਨਗਰ ਨੂੰ ਸੈਮੀਨਾਰ ਆਯੋਜਿਤ ਕਰਨ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਸੈਮੀਨਾਰ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਪ੍ਰੈਸ, ਪੁਲਿਸ ਅਤੇ ਪੋਲੀਟੀਸ਼ਨਜ ਦਾ ਸਮਾਜ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਜੇਕਰ ਇਹ ਇੱਕਠੇ ਹੋ ਕੇ ਚੱਲਣ ਤਾਂ ਸਮਾਜ ਦੀ ਆਰਥਿਕ ਸਮਾਜਿਕ ਅਤੇ ਹੋਰਨਾਂ ਖੇਤਰਾਂ ਵਿੱਚ ਤਰੱਕੀ ਨੂੰ ਰੋਕਿਆ ਨਹੀ ਜਾ ਸਕਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਆਪਸੀ ਸੁਮੇਲ ਹੋਣਾ ਬਹੁਤ ਜਰੂਰੀ ਹੈ। ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪ੍ਰੈਸ ਨੂੰ ਬਗੈਰ ਕਿਸੇ ਦਬਾਅ ਤੋਂ ਨਿਡਰ ਹੋ ਕੇ ਪੱਤਰਕਾਰੀ ਕਰਨੀ ਚਾਹੀਦੀ ਹੈ ਅਤੇ ਪ੍ਰੈਸ ਨੂੰ ਉਸਾਰੂ ਰੋਲ ਅਦਾ ਕਰਕੇ ਸਮਾਜ ਨੂੰ ਨਵੀਂ ਤਾਕਤ ਅਤੇ ਨਵੀਂ ਸੇਧ ਦੇਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਸਮਾਜਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਹਰੇਕ ਨਾਗਰਿਕ ਦਾ ਨੈਤਿਕ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅਸੀ ਆਪਣੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਸਾਨੂੰ ਆਪਣੇ ਫਰਜਾਂ ਪ੍ਰਤੀ ਵੀ ਸੁਚੇਤ ਹੋਣ ਦੀ ਲੋੜ ਹੈ ਅਤੇ ਸਾਨੂੰ ਆਪਣੀਆਂ ਜਿੰਮੇਵਾਰੀਆਂ ਬਿਨਾਂ ਕਿਸੇ ਲਾਲਚ ਤੋਂ ਬਾਖੂਬੀ ਨਿਭਾਊਣੀਆਂ ਚਾਹੀਦੀਆਂ ਹਨ। ਉਨ੍ਹਾਂ ਇਸ ਮੌਕੇ ਸ਼ੋਸਲ ਮੀਡੀਏ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਵੀ ਸਾਡੇ ਲਈ ਚਿੰਤਾਂ ਦਾ ਵਿਸ਼ਾ ਬਣ ਗਿਆ ਹੈ ਅਤੇ ਸੋਸ਼ਲ ਮੀਡੀਏ ਤੇ ਪਾਈ ਜਾਣ ਵਾਲਾ ਸਮੱਗਰੀ (ਫੋਟੋਆਂ, ਆਡੀਓ) ਆਦਿ ਸਾਡੇ ਸੱਭਿਆਚਰਕ ਵਿਰਸੇ ਨੂੰ ਵੱਡੀ ਢਾਹ ਲਾ ਰਹੀ ਹੈ। ਜਿਸ ਨਾਲ ਸਾਡੇ ਸਮਾਜ ਤੇ ਵੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਰਾਜਪਾਲ ਪੰਜਾਬ ਤੋਂ ਮੰਗ ਕੀਤੀ ਕਿ ਗੁਆਂਢੀ ਰਾਜ ਹਰਿਆਣਾ ਲਈ ਦੁੱਧ ਦੇਣ ਵਾਲੀਆਂ ਗਾਵਾਂ ਦੇ ਵਪਾਰ ਤੇ ਲਗਾਈ ਗਈ ਪਾਬੰਦੀ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾਵੇ ਕਿਉਂਕਿ ਪੰਜਾਬ ਦੀ ਆਰਥਿਕਤਾ ਵਿੱਚ ਪਸ਼ੂ ਧਨ ਦਾ ਬਹੁਤ ਵੱਡਾ ਰੋਲ ਹੈ। ਉਨ੍ਹਾਂ ਦੱਸਿਆ ਕਿ ਦੁੱਧ ਦੇਣ ਵਾਲੀਆਂ ਗਾਵਾਂ ਦਾ ਅਦਾਨ ਪ੍ਰਦਾਨ ਬੰਦ ਹੋਣ ਕਾਰਨ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਗਾਵਾਂ ਨੂੰ ਬੁੱਚੜਖਾਨੇ ਭੇਜਣ ਦਾ ਕੰਮ ਕਰਦਾ ਹੈ ਤਾਂ ਅਜਿਹਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਹੋਰ ਸਖਤ ਕੀਤਾ ਜਾਵੇ ਪ੍ਰੰਤੂ ਦੂੱਧ ਦੇਣ ਵਾਲੀਆਂ ਗਾਵਾਂ ਦੇ ਵਪਾਰ ਤੇ ਲਗਾਈ ਪਾਬੰਦੀ ਹਟਾਈ ਜਾਵੇ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੇਅਰ ਨਗਰ ਨਿਗਮ ਕੁਲਵੰਤ ਸਿੰਘ ਨੇ ਕਿਹਾ ਕਿ ਸਿਆਸਤਦਾਨਾਂ ਨੂੰ ਚੰਗੇ ਅਤੇ ਮਾੜੇ ਦੀ ਪਹਿਚਾਣ ਕਰਕੇ ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਸਮਾਜ ਲਈ ਕੰਮ ਕਰਨਾਂ ਚਾਹੀਦਾ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਨਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਸਾਰਿਆਂ ਨੂੰ ਆਪਣੇ ਫਰਜਾਂ ਨੂੰ ਪਹਿਚਾਨਣ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਹੀ ਨਵੇਂ ਅਤੇ ਨਰੋਏ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੈਅਰਪਰਸ਼ਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਪ੍ਰੈਸ, ਪੁਲਿਸ ਅਤੇ ਪੋਲੀਟੀਸ਼ਨਜ ਦਾ ਸਮਾਜ ਵਿਚ ਵੱਡਾ ਪ੍ਰਭਾਵ ਹੁੰਦਾ ਹੈ। ਇਸ ਲਈ ਇਨ੍ਹਾਂ ਤਿੰਨਾਂ ਨੂੰ ਮਿਲ ਕੇ ਸਮਾਜਿਕ ਕਦਰਾਂ ਕੀਮਤਾਂ ਪ੍ਰਤੀ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਵਿਚ ਆਏ ਵਿਗਾੜ ਨੂੰ ਮੁੜ ਤੋਂ ਪੜਚੋਲ ਕਰਨ ਦੀ ਲੋੜ ਤੇ ਜੋਰ ਦਿੱਤਾ।
ਸੈਮੀਨਾਰ ਨੂੰ ਚੈਨਲ ਹੈਡ ਅਤੇ ਆਡੀਟਰ ਜੀ ਮੀਡੀਆ (ਪੰਜਾਬ, ਹਰਿਆਣਾ) ਦਿਨੇਸ਼ ਸ਼ਰਮਾਂ, ਡਾ: ਕੁੰਵਰ ਵਿਜੈ ਪ੍ਰਤਾਪ ਸਿੰਘ, ਇੰਸਪੈਕਟਰ ਜਨਰਲ ਪੁਲਿਸ (ਐਟੀ ਟੈਰਰ ਸੁਕਾਇਡ ਪੰਜਾਬ), ਮਨਿੰਦਰ ਸਿੰਘ ਬੈਂਸ, ਚੈਅਰਮੈਨ ਹਾਊਸਿੰਗ ਬੋਰਡ ਚੰਡੀਗੜ੍ਹ, ਪ੍ਰੋਫੈਸਰ ਮਨਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ, ਨੇ ਵੀ ਸੰਬੋਧਨ ਕੀਤਾ।
ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਨੇ ਪੁੱਜੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਕਲੱਬ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰੀ ਖੇਤਰ ਵਿੱਚ ਪਿਛਲੇ 40 ਸਾਲਾਂ ਤੋਂ ਸੇਵਾ ਨਿਭਾ ਰਹੇ ਨਰਬਦਾ ਸੰਕਰ ਨੂੰ ਪੱਤਰਕਾਰੀ ਖੇਤਰ ਵਿੱਚ ਯੋਗਦਾਨ ਪਾਉਣ ਬਦਲੇ ਅਤੇ ਹੋਰਨਾਂ ਸਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ।
ਸੈਮੀਨਾਰ ਮੌਕੇ ਸੀਨੀਅਰ ਡਿਪਟੀ ਮੇਅਰ ਰੀਸਵ ਜੈਨ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਕੌਸਲਰ ਰਜਿੰਦਰ ਸਿੰਘ ਰਾਣਾ ਸਮੇਤ ਹੋਰ ਕੌਂਸਲਰ ਅਤੇ ਪੰਤਵੰਤੇ ਵੀ ਮੌਜੂਦ ਸਨ।