Tuesday 18 July 2017

ਵਿਦਿਆਰਥੀਆਂ ਨੂੰ ਡੇਂਗੁ ਦੀ ਰੋਕਥਾਮ ਸਬੰਧੀ ਕੀਤਾ ਜਾਵੇ ਜਾਗਰੂਕ: ਚਰਨਦੇਵ ਸਿੰਘ ਮਾਨ

By Tricitynews Reporter
Chandigarh 18th July:- ਗਰਮੀ ਅਤੇ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਡੇਂਗੂ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਡੇਂਗੂ ਤੋਂ ਬਚਾਅ ਹੋ ਸਕੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡੇਂਗੂ ਦੀ ਰੋਕਥਾਮ ਸਬੰਧੀ ਸੱਦੀ ਗਈ ਜ਼ਿਲ੍ਹਾ ਪੱਧਰੀ ਸਿਹਤ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ 
ਚਰਨਦੇਵ ਸਿੰਘ ਮਾਨ ਨੇ ਇਸ ਮੌਕੇ ਸਮੂਹ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਆਪੋ ਆਪਣੇ ਇਲਾਕਿਆਂ ਵਿਚ ਸਿਹਤ ਵਿਭਾਗ ਵੱਲੋਂ ਨਿਰਧਾਰਤ ਗਾਇਡ ਲਾਇਨਾਂ ਅਨੁਸਾਰ ਫੌਗਿੰਗ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਸਕੂਲਾਂ ਵਿਚ ਸਵੇਰ ਦੀ ਪ੍ਰਾਰਥਨਾ ਸਭਾ ਮੌਕੇ ਵਿਦਿਆਰਥੀਆਂ ਨੂੰ ਡੇਂਗੁ ਦੀ ਰੋਕਥਾਮ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਖਿਆ ਕਿ ਹਰ ਸੁੱਕਰਵਾਰ ਨੂੰ ਡਰਾਈ-ਡੇ ਵਜੋ ਮਨਾਇਆ ਜਾਵੇ ਅਤੇ ਇਸ ਦਿਨ ਕੂਲਰਾਂ ਦਾ ਪਾਣੀ ਕੱਢ ਕੇ ਚੰਗੀ ਤਰ੍ਹਾਂ ਸੁਕਾਇਆ ਜਾਵੇ ਅਤੇ ਗਮਲਿਆਂ ਆਦਿ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। 
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਡੇਂਗੂ ਦੇ ਕੇਸ ਹੋਣੇ ਸ਼ੁਰੂ ਹੋ ਗਏ ਹਨ। ਇਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਗਠਤ ਕੀਤੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਕੂਲਰਾਂ ਅਤੇ ਹੋਰ ਕੰਨਟੇਨਰਾਂ ਦੀ ਚੈਕਿੰਗ ਕੀਤੀ ਜਾ ਰਹੀਂ ਹੈ ਅਤੇ ਦਵਾਈਆਂ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ ਉਨ੍ਹਾਂ ਇਸ ਮੌਕੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਤੋਂ ਆਏ ਨੁਮਾਇੰਦਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਦੇ ਸਾਰੇ ਸੱਕੀ ਮਰੀਜਾਂ ਦੇ ਬਲੱਡ ਸੈਂਪਲ ਸਰਕਾਰੀ ਸਿਵਲ  ਹਸਪਤਾਲ ਫੇਜ਼-6, ਮੋਹਾਲੀ ਵਿਖੇ ਲੈਬ ਵਿੱਚ ਭੇਜੇ ਜਾਣ ਜਿਥੇ ਕਿ ਇਹ ਟੈਸਟ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। 
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਜੁਲਾਈ ਮਹੀਨਾ ਐਂਟੀ ਡੇਂਗੂ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਸਕੂਲਾਂ ਵਿੱਚ ਰੈਲੀਆਂ ਅਤੇ ਮਾਈਕਿੰਗ ਕੀਤੀ ਜਾ ਰਹੀਂ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਵਾਲੇ ਮੱਛਰਾਂ ਦੀ ਪਦਾਇਸ ਦਾ ਮੁੱਖ ਸੋਮਾ ਕੂਲਰ ਹਨ। ਇਸ ਲਈ ਮੱਛਰਾਂ ਦੀ ਪਦਾਇਸ ਰੋਕਣ ਵਾਸਤੇ ਕੂਲਰਾਂ ਨੂੰ ਹਫਤੇ ਬਾਅਦ ਸੁਕਾਉਣਾ ਜਰੂਰੀ ਹੈ। ਘਰਾਂ ਦੇ ਆਲੇ ਦੁਲਾਲੇ ਛੱਤਾਂ ਉਤੇ ਟੁੱਟੇ ਪੁਰਾਣੇ ਭਾਡਿਆਂ, ਟਾਇਰਾਂ ਅਤੇ ਗਮਲਿਆਂ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ। ਟੈਕੀਆਂ, ਡਰਮਾਂ, ਘੜਿਆਂ ਅਤੇ ਹੋਰ ਭਾਡਿਆਂ ਨੂੰ ਢੱਕ ਕੇ ਰੱਖੋ। ਡੇਂਗੂ ਵਾਲਾ ਮੱਛਰ ਦਿਨ ਵੇਲੇ ਕਟਦਾ ਹੈ ਇਸ ਲਈ ਕਪੜੇ ਅਜਿਹੇ ਪਹਿਣੋ ਕਿ ਸਰੀਰ ਪੁਰੀ ਤਰ੍ਹਾਂ ਢਕਿਆ ਰਹੇ ਤਾਂ ਕੇ ਮੱਛਰ ਨਾ ਕੱਟ ਸਕੇ।
ਮੀਟਿੰਗ ਵਿੱਚ ਸਯੁੰਕਤ ਕਮਿਸ਼ਨਰ ਨਗਰ ਨਿਗਮ ਅਵਨੀਤ ਕੌਰ, ਸਮੂਹ ਸੀਨੀਅਰ ਮੈਡੀਕਲ ਅਫ਼ਸਰ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ 


No comments: